ਪੰਜਾਬੀਆਂ ਦਾ ਗੜ੍ਹ ਵੁਲਗੂਲਗਾ ਕੇਲੇ ਦੀ ਖੇਤੀ ਕਾਰਨ ਬਹੁਤ ਮਸ਼ਹੂਰ ਹੈ। ਆਸਟ੍ਰੇਲੀਆ ਦੇ ਪਹਿਲੇ ਗੁਰਦਵਾਰੇ ਦੀ ਸਥਾਪਨਾ 1968 ਵਿਚ ਹੋਈ। 1990 ਦਹਾਕੇ ਤੱਕ ਤਕਰੀਬਨ 70% ਕੇਲੇ ਦੀ ਕਾਸ਼ਤ ਪੰਜਾਬੀਆਂ ਕੋਲ ਹੋ ਗਈ ਸੀ। ਇਸ ਇਲਾਕੇ ਦੇ ਇੱਕ ਉੱਘੇ ਕਿਸਾਨ ਹਨ ਗੁਰਦੇਵ ਸਿੱਧੂ। ਇਹਨਾਂ ਨੂੰ ਗਾਣ ਦਾ ਬੜਾ ਸ਼ੌਕ ਹੈ। ਅੱਜ ਵੀ ਮਹਿਫ਼ਲ ‘ਚ ਬੈਠੇ ਕੋਈ ਰਾਗ ਛੇੜ ਦਿੰਦੇ ਹਨ। ਅਗਾਂਹਵਧੂ ਖੇਤੀ ਦੇ ਨਾਲ ਦੇਵ ਅੰਕਲ ਨੇ ਸਮਾਜ ਵਿਚ ਵਰਤਾਰੇ ਤੇ ਵੀ ਕਈ ਗੀਤ ਲਿਖੇ ਅਤੇ ਗਾਏ। ਇੱਕ ਗੀਤ ਉਨ੍ਹਾਂ ਦਾ ਬੜਾ ਮਸ਼ਹੂਰ ਹੋਇਆ ਸੀ ਜਿਸ ਨੂੰ ਸਾਰੇ ਬੜੀ ਸ਼ਿੱਦਤ ਨਾਲ ਸੁਣਦੇ।
ਬੀ.ਏ. ਵੀ ਕਰ ਲਈ ਐਮ.ਏ. ਵੀ ਕਰ ਲਈ ਦੋਹਾਂ ਤੇ ਫਿਰ ਗਿਆ ਠੇਲ੍ਹਾ ਨੀ…
ਮੈਨੂੰ ਭਰਨਾ ਪੈ ਗਿਆ ਕੇਲਾ ਨੀ…
ਜਦੋਂ ਅੰਕਲ ਨੂੰ ਪੁੱਛਿਆ ਤਾਂ ਉਨ੍ਹਾ ਕਿਹਾ ਕਿ ਜੋ ਸਮਾਜ ਵਿਚ ਵਰਤਦਾ ਹੈ, ਲਿਖਾਰੀ ਉਸ ਨੂੰ ਕਲਮਬੱਧ ਕਰਦਾ ਹੈ। ਇਸ ਇਲਾਕੇ ਵਿਚ ਜਦੋਂ ਧੀ-ਪੁੱਤ ਵਿਆਹੁਣ ਦੇ ਰੁੱਤੇ ਹੁੰਦਾ ਤਾਂ ਪੰਜਾਬ ਜਾ ਕੇ ਵਿਆਹਦੇਂ। ਮੁੜ ਆਇਆਂ ਨੂੰ ਸਾਰੇ ਸਗਨ ਦੇਣ ਜਾਂਦੇ। ਫਿਰ ਮਿੱਤਰ ਦੋਸਤ ਕਹਿੰਦੇ, “ਲੈ ਆਉਂਦੀ ਪੈਕਿਂਗ ਮਸ਼ੀਨ?(ਨੂੰਹ)” ਜਾਂ “ਲੈ ਆਂਦਾ ਖੋਤਾ?(ਜਵਾਈ)”। ਉਸ ਸਮੇਂ ਨੂੰਹਾਂ ਬੀ.ਏ. ਜਾਂ ਐਮ.ਏ. ਪੜਾਈ ਕੀਤੀ ਹੁੰਦੀ ਸੀ। ਫਿਰ ਆਉਂਦੇ ਸਾਰ ਹੀ ਕੇਲੇ ਦੀ ਖੇਤੀ ਵਿਚ ਆ ਕੇ ਕੇਲੇ ਦੇ ਡੱਬੇ ਭਰਨ ਲੱਗ ਜਾਂਦੀਆਂ। ਕੁੱਝ ਸਾਲਾਂ ਮਗਰੋਂ ਤਕਰੀਬਨ ਸਾਰੇ ਅਰਮਾਨ ਮਰ ਜਾਂਦੇ ਤੇ ਬੱਸ ਪੜਾਈ ਦੀਆਂ ਯਾਦਾਂ ਰਹਿ ਜਾਂਦੀਆਂ।
ਇਹ ਸਮੱਸਿਆ ਤਕਰੀਬਨ ਸਾਰੇ ਹੀ ਸਮਕਾਲੀ ਭਾਈ ਚਾਰਿਆਂ ਵਿਚ ਸੀ। ਗੁਰਦੇਵ ਅੰਕਲ ਦੱਸਦੇ ਨੇ ਕਿ 1980 ਵਿਚ ਉਹ ਕੁੱਝ ਦੋਸਤਾਂ ਨਾਲ ਅਮਰੀਕਾ ਵਿਚ ਯੂਬਾ ਸਿਟੀ ਗਏ ਜੋ ਕਿ ਆੜੂਆਂ ਦੀ ਖੇਤੀ ਲਈ ਮਸ਼ਹੂਰ ਸੀ। ਉੱਥੇ ਜਾ ਕੇ ਵੀ ਬਿਲਕੁਲ ਇਸੇ ਹੀ ਸਥਿਤੀ ਦੀ ਹੋਂਦ ਦੀ ਜਾਣਕਾਰੀ ਮਿਲੀ। ਅਤੇ ਉੱਥੇ ਵੀ ਇਹ ਲੋਕ ਗੀਤ ਹੀ ਬਣ ਗਿਆ ਸੀ ਕਿ;
ਬੀ.ਏ. ਵੀ ਕਰ ਲਈ ਐਮ.ਏ. ਵੀ ਕਰ ਲਈ ਦੋਹਾਂ ਤੇ ਫਿਰ ਗਈ ਲੀਕ ਨੀ…
ਮੈਨੂੰ ਭਰਨੇ ਪੈ ਗਏ ਪੀਚ ਨੀ…
Here is the complete song recorded in 2009 written by Gurdev Sidhu