ਸੰਗਤ ਦੀ ਮਹਿਮਾ
This program was broadcasted LIVE on Harman Radio
ਆਪਣੀ ਖੋਜ, ਪਾਠ ਲਈ, ਅਰਥ ਸਮਝਣ ਲਈ ਬਹੁਤ ਸਾਰੇ ਵਸੀਲੇ ਬਣ ਗਏ ਹਨ। ਸਿਰਫ਼ ਇਸੇ ਹੀ ਕਾਰਜ ਲਈ ਗੁਰੂ ਘਰ ਜਾਣ ਦੀ ਜ਼ਰੂਰਤ ਨਹੀਂ। ਇਹ ਸੁਖਾਲੇ ਹੀ ਘਰ ਵਿਚ ਉਪਲਬਧ ਹਨ। ਪਰ ਗੁਰਦਵਾਰੇ ਕਿਉਂ ਜਾਣਾ ਹੈ? ਸੰਗਤ ਵਿਚ ਬੈਠ ਕੇ ਕੀ ਪ੍ਰਾਪਤ ਹੁੰਦਾ ਹੈ। ਇਸ ਤੇ ਵਿਚਾਰ ਕਰਦੇ ਹਾਂ।
ਤਿਤੁ ਜਾਇ ਬਹਹੁ ਸਤਸੰਗਤੀ ਜਿਥੈ ਹਰਿ ਕਾ ਹਰਿ ਨਾਮੁ ਬਿਲੋਈਐ ॥ (ਵਡਹੰਸ ਮ:3, ਪੰਨਾ:587)
ਸੰਗਤ ਵਿਚ ਜਾ ਬੈਠਣ ਦਾ ਅਤੇ ਹਰੀ ਦੇ ਨਾਮ ਦਾ ਕੀਰਤਨ ਕਰਨਾ ਕਲਜੁਗ ਵਿਚ ਉੱਤਮ ਮੰਨਿਆ ਗਿਆ ਹੈ। ਸਤ ਸੰਗਤ ਭਾਵ ਜਿਸ ਵਿਚ ਕੇਵਲ ‘ਨਾਮ’ ਦੀ ਮਹਿਮਾ ਗਾਈ ਸੁਣੀ ਜਾਵੇ, ਕਿਉਂਕਿ ‘ਨਾਮ’ ਹੀ ਪਰਮ ਸੱਚ ਹੈ। ਕਈ ਵਾਰ ਸਵਾਲ ਹੁੰਦਾ ਹੈ ਕਿ ਅਜੋਕੇ ਜੁਗ ਵਿਚ ਨਵੀਨ ਸੰਚਾਰ ਸਾਧਨ ਹੋਣ ਕਾਰਨ ਸਿੱਖ ਕੋਲ ਕਿਸੇ ਵੀ ਵਕਤ ਬਾਣੀ ਦੀ ਪਹੁੰਚ ਹੋ ਸਕਦੀ ਹੈ ਜਿਵੇਂ ਪੋਥੀਆਂ, ਸੈਂਚੀਆਂ, ਕੰਪਿਊਟਰ, ਇੰਟਰਨੈੱਟ ਅਤੇ ਸਮਾਰਟ ਫੋਨਾਂ ਰਾਹੀਂ ਆਦਿ ਤੇ ਫਿਰ ਗੁਰੂ ਘਰ ਜਾ ਕੇ ਸੰਗਤ ਵਿਚ ਬੈਠਣ ਦੀ ਕੀ ਲੋੜ ਰਹਿ ਗਈ ਹੈ?
ਇਸ ਨੂੰ ਦੋਹਾਂ ਪੱਖਾਂ ਤੋ ਦੇਖਣਾ ਬਣਦਾ ਹੈ। ਪਹਿਲਾ ਤਾਂ ਸਾਡੇ ਪ੍ਰਬੰਧਕਾਂ ਦੇ ਪੱਖ ਤੋਂ ਕਿ ਹੁਣ ਉਹ ਸਮਾਂ ਨਹੀਂ ਰਿਹਾ ਕਿ ਬਾਣੀ ਗੁਰਦਵਾਰੇ ਦੀ ਸੀਮਾ ਤੱਕ ਹੀ ਸੀਮਤ ਹੈ। ਬਾਣੀ ਇਕੱਲੇ ਭਾਈਆਂ, ਗ੍ਰੰਥੀਆਂ ਅਤੇ ਪ੍ਰਚਾਰਕਾਂ ਕੋਲ ਨਹੀਂ ਰਹਿ ਗਈ ਹੈ ਅਤੇ ਵਿਗਿਆਨ ਜਰੀਏ ਇਹ ਕਿਸੇ ਵੀ ਥਾਂ ਤੇ ਬੜੀ ਸੁਖਾਲ਼ੀ ਹੀ ਉਪਲਬਧ ਹੋ ਸਕਦੀ ਹੈ। ਪ੍ਰਬੰਧਕਾਂ ਨੂੰ ਵੀ ਹੋਰ ਸੁਵਿਧਾਵਾਂ ਦੇਣੀਆਂ ਪੈਣਗੀਆਂ ਅਤੇ ਸੱਚ ਮਾਅਨੇ ਵਿਚ ਸੰਗਤ ਦੀ ਜੋ ਮਹਾਨਤਾ ਹੈ ਉਸ ਉੱਤੇ ਹੀ ਆਉਣਾ ਪੈਣਾ ਹੈ। ਪ੍ਰਚਾਰਕਾਂ ਵਾਸਤੇ ਭੇਟਾਂ ਕੇਂਦਰ ਬਣੇ ਗੁਰਦਵਾਰਿਆਂ ਨੂੰ ਸੰਗਤ ਦੀ ਅਸਲੀ ਭਾਵਨਾ ਨੂੰ ਮੁੜ ਪ੍ਰਚਲਿਤ ਕਰਨ ਦੀ ਲੋੜ ਹੈ। ਬਹੁਤ ਸਿੱਖ, ਖ਼ਾਸ ਕਰਕੇ ਨਵੀਂ ਪੀੜੀ ਇਸ ਕਰਕੇ ਵੀ ਗੁਰਦਵਾਰੇ ਜਾਣ ਤੋਂ ਘਟ ਰਹੀਆਂ ਹਨ ਕਿਉਂਕਿ ‘ਆਤਮਿਕ’ ਗਿਆਨ ਅਤੇ ਗੋਸ਼ਟ ਬਹੁਤ ਘੱਟ ਹੈ। ਸ਼ਬਦ ਦਾ ਵਿਚਾਰ ਮਨਫ਼ੀ ਹੁੰਦਾ ਜਾ ਰਿਹਾ ਹੈ। ਗੁਰਦਵਾਰੇ ਤੋਂ ਕੁੱਝ ਸਿੱਖ ਕੇ ਘਰ ਜਾ ਕੇ ਅਭਿਆਸ ਕਰਨ ਲਈ ਬਹੁਤ ਘੱਟ ਸਿਖਾਇਆ ਜਾ ਰਿਹਾ ਹੈ। ਕੇਵਲ ਇਤਿਹਾਸ ਹੀ ਧਰਮ ਨਹੀਂ ਹੁੰਦਾ। ਜੇ ਦੇਖਿਆ ਜਾਵੇ ਤਾਂ ‘ਗੁਰੂ ਗਰੰਥ ਸਾਹਿਬ’ ਵਿਚ ਇਤਿਹਾਸ ਨਾ-ਮਾਤਰ ਹੈ। ਸਾਰਾ ਗਿਆਨ ਹੀ ‘ਸ਼ਬਦ-ਗੁਰੂ’ ਅਤੇ ‘ਨਾਮ’ ਦਾ ਹੈ।
ਦੂਸਰਾ ਸਿੱਖ ਦੇ ਪੱਖ ਤੋਂ। ਆਪਣੀ ਖੋਜ, ਪਾਠ ਲਈ, ਅਰਥ ਸਮਝਣ ਲਈ ਬਹੁਤ ਸਾਰੇ ਵਸੀਲੇ ਬਣ ਗਏ ਹਨ। ਸਿਰਫ਼ ਇਸੇ ਹੀ ਕਾਰਜ ਲਈ ਗੁਰੂ ਘਰ ਜਾਣ ਦੀ ਜ਼ਰੂਰਤ ਨਹੀਂ। ਇਹ ਸੁਖਾਲੇ ਹੀ ਘਰ ਵਿਚ ਉਪਲਬਧ ਹਨ। ਪਰ ਗੁਰਦਵਾਰੇ ਕਿਉਂ ਜਾਣਾ ਹੈ? ਸੰਗਤ ਵਿਚ ਬੈਠ ਕੇ ਕੀ ਪ੍ਰਾਪਤ ਹੁੰਦਾ ਹੈ। ਇਸ ਤੇ ਵਿਚਾਰ ਕਰਦੇ ਹਾਂ।
ਹਰ ਸਕੂਲ ਵਿਚ ਛੇਵੀਂ-ਸੱਤਵੀਂ ਵਿਚ ਭੌਤਿਕ ਵਿਗਿਆਨ(physics) ਦੀ ਲਬਾਰਟਰੀ ਵਿਚ ਇੱਕ ਟਿਊਨਿੰਗ ਫੋਰਕ(ਸਾਜ਼ਾਂ ਨੂੰ ਸੁਰ ਕਰਨ ਵਾਲੀ ਚਿਮਟੀ) ਦਾ ਤਜਰਬਾ ਕਰਵਾਇਆ ਜਾਂਦਾ ਹੈ। ਦਸ-ਪੰਦਰਾਂ ਚਿਮਟੀਆਂ ਮੇਜ਼ ਤੇ ਇਕ ਦੂਜੇ ਤੋਂ ਕੁੱਝ ਕੁ ਫ਼ਰਕ ਨਾਲ ਰੱਖ ਦਿੱਤੀਆਂ ਜਾਂਦੀਆਂ ਹਨ ਅਤੇ ਇੱਕ ਚਿਮਟੀ ਨੂੰ ਛੋਟੀ ਹਥੌੜੀ ਨਾਲ ਸੱਟ ਮਾਰੀ ਜਾਂਦੀ ਹੈ। ਉਸ ਵਿਚ ਕੰਪਨ ਪੈਦਾ ਹੁੰਦੀ ਹੈ ਅਤੇ ਕੁੱਝ ਕੁ ਪਲਾਂ ਵਿਚ ਬਾਕੀ ਦੀਆਂ ਚਿਮਟੀਆਂ ਵੀ ਬਿਲਕੁਲ ਇਸੇ ਹੀ ਕੰਪਨ ਦਰ ਨਾਲ ਸੁਰ ਹੋ ਜਾਂਦੀਆਂ ਹਨ। ਸੱਟ ਸਿਰਫ਼ ਇੱਕ ਚਿਮਟੀ ਨੂੰ ਮਾਰੀ ਹੈ ਪਰ ਕੰਪਨ ਸਾਰੀਆਂ ਵਿਚ ਇਕੋ ਜਿਹਾ ਹੋ ਰਿਹਾ ਹੈ। ਇਹ ਹੈ ਸ਼ਬਦ (sound–vibrations) ਦਾ ਇੱਕ ਸਿਧਾਂਤ ਜੋ ਕਿ ਵਿਗਿਆਨਿਕ ਤੌਰ ਤੇ ਵੀ ਸਿੱਧ ਹੈ।
ਬਿਲਕੁਲ ਇਹੀ ਸਿਧਾਂਤ ਸੰਗਤ ਵਿਚ ਕੀਰਤਨ ਕਰਨ ਦਾ ਹੈ। ਮੰਨ ਲਉ ਕਿ ਅਸੀਂ ਸੰਗਤ ਸਮੂਹ ਵਿਚ ਬੈਠੇ ਹਾਂ ਅਤੇ ਪਾਠੀ ਸਿੰਘ ਜਾਂ ਕੀਰਤਨੀਆ ਜਥਾ ਸ਼ਬਦ ਛੇੜਦਾ ਹੈ ਤਾਂ ਉਸ ਦੇ ਆਪਣੇ ਅੰਦਰ ਗੁਰੂ ਸਾਹਿਬ ਦੀ ਊਰਜਾ ਪ੍ਰਗਟ ਹੁੰਦੀ ਹੈ ਜੋ ਕਿ ਚਾਰ-ਪੰਜ ਸੌ ਸਾਲ ਪਹਿਲਾਂ ਉਹ ਸ਼ਬਦ ਉਚਾਰਨ ਵੇਲੇ ਗੁਰੂ ਸਾਹਿਬ ਦੇ ਅੰਦਰ ਹੋਈ ਸੀ। ਬਾਣੀ ਦਾ ਸ਼ੁੱਧ ਉਚਾਰਨ ਜਾਂ ਨਿਰਧਾਰਿਤ ਰਾਗ ਬਿਲਕੁਲ ਉਹੀ ਕੰਪਨ ਸ਼ਕਤੀ ਜਾਂ ਊਰਜਾ ਪੈਦਾ ਕਰੇਗਾ ਜੋ ਗੁਰੂ ਸਾਹਿਬ ਨੇ ਚਾਹਿਆ ਸੀ। ਜਿਸ ਤਰਾਂ ਬਾਕੀ ਦੀਆਂ ਚਿਮਟੀਆਂ ਵੀ ਸੁਰ ਹੋ ਜਾਂਦੀਆਂ ਹਨ, ਉਸੇ ਹੀ ਤਰਾਂ ਸਾਰੀ ਸੰਗਤ ਵਿਚ ਵੀ ਸ਼ਬਦ ਦੀ ਊਰਜਾ ਪ੍ਰਗਟ ਹੋਣ ਲੱਗ ਪੈਂਦੀ ਹੈ ਅਤੇ ਮਨ ਅਤੇ ਸਰੀਰ ਵਿਚ ਵੀ ਉਹੀ ਭਾਵ ਅਤੇ ਅਨੰਦ ਪ੍ਰਗਟ ਹੁੰਦਾ ਹੈ। ਸੋ ਬਾਣੀ ਦੇ ਕਰਤਾ (ਭਗਤ ਜਾਂ ਗੁਰੂ ਸਾਹਿਬ), ਕੀਰਤਨੀਆ ਅਤੇ ਸੰਗਤ ਦਾ ਇੱਕ ਸੁਰ ਹੋ ਜਾਂਦਾ ਹੈ ਅਤੇ ਇਹ ਇੱਕ ਸੁਰਤਾ ਸਿੱਖ ਨੂੰ ਡੂੰਘੇ ਰੂਹਾਨੀ ਰਹੱਸਾਂ ਵੱਲ ਨੂੰ ਖਿੱਚਦੀ ਹੈ ਅਤੇ ਬਹੁਤ ਹੀ ਅਨੰਦਮਈ ਹੁੰਦੀ ਹੈ ਕਿਉਂਕਿ ਬਾਣੀ ਦਾ ਕਰਤਾ ਆਪ ਅਕਾਲ ਪੁਰਖ ਨਾਲ ਇੱਕ ਸੁਰ ਸੀ। ਹੁਣ ਇਹ ਸ਼ਬਦ ਸਮਝਣ ਵਿਚ ਹੋਰ ਵੀ ਸੁਖਾਲ਼ਾ ਹੋ ਜਾਵੇਗਾ;
ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ ॥
ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ ॥੫॥
ਹੁਣ ਇਹ ਸਿਧਾਂਤ ਸਮਝਣ ਲਈ ਇੱਕ ਤਹਿ ਹੋਰ ਹੇਠਾਂ ਜਾਂਦੇ ਹਾਂ। ਪਹਿਲੀ ਪੰਕਤੀ ਤਾ ਸਪਸ਼ਟ ਹੋ ਗਈ ਕਿ ਕੀਰਤਨੀਆ ਜੋ ਬਾਣੀ ਦਾ ਗਾਇਨ ਕਰ ਰਿਹਾ ਹੈ ਉਹ ਬਾਣੀ ਗੁਰੂ ਹੈ, ਕਿਉਂਕਿ ਉਸਨੂੰ ਅਕਾਲ
ਪੁਰਖ ਨਾਲ ਇੱਕ-ਮਿੱਕ ਹੋਏ ਗੁਰੂ ਨੇ ਰਚਿਆ ਹੈ ਅਤੇ ਉਹ ਆਪ ਅਨੰਦਮਈ ਅਵਸਥਾ ਵਿਚ ਸੀ। ‘ਨਾਮ’ ਅੰਮ੍ਰਿਤ ਹੀ ਅਨੰਦ ਦਾ ਸੋਮਾ ਹੈ। ਗੁਰੂ ਦੀ ਊਰਜਾ ਕੀਰਤਨੀਏ ਦੇ ਅੰਦਰ ਪ੍ਰਗਟ ਹੋ ਕੇ ਮੁੱਖ ਰਾਹੀਂ ਸੇਵਕ ਦੇ ਕੰਨ ਰਾਹੀਂ ਪ੍ਰਵੇਸ਼ ਹੋ ਰਹੀ ਹੈ।
ਇਸ ਨੂੰ ਸਮਝਣ ਲਈ ਆਪ ਜੀ ਨੂੰ ਇਕ ਹੋਰ ਮਨੁੱਖੀ ਸਿਧਾਂਤ ਸਮਝਣ ਦੀ ਲੋੜ ਹੈ। ਸਾਡੀ ਯਾਦਦਾਸ਼ਤ ਕਿਸ ਤਰਾਂ ਕੰਮ ਕਰਦੀ ਹੈ? ਅਸੀਂ ਕਿਸੇ ਦੇ ਬੋਲ ਜਾਂ ਸ਼ਬਦ ਕਿਸ ਤਰਾਂ ਆਪਣੀ ਯਾਦਦਾਸ਼ਤ ਵਿਚ ਸਾਂਭਦੇ ਹਾਂ? ਇੱਕ ਸਵਾਲ ਹੈ। ਕੀ ਤੁਹਾਨੂੰ ਪਹਿਲੀ ਜਮਾਤ ਵਿਚ ਪੜਾਇਆ ਗਿਆ ਵਰਨਮਾਲਾ ਦਾ ਪਾਠ ਯਾਦ ਹੈ ਕਿ ਕਿਸ ਨੇ ਪੜਾਇਆ ਸੀ? ਉਸ ਅਧਿਆਪਕ ਦੀ ਤਸਵੀਰ ਜਾਂ ਕਲਾਸ-ਰੂਮ ਦੀਆਂ ਤਸਵੀਰਾਂ ਤਾਂ ਯਾਦ ਹੋਣਗੀਆਂ ਪਰ ਆਵਾਜ਼ ਹੂਬਹੂ ਯਾਦ ਨਹੀਂ ਹੁੰਦੀ ਕਿਉਂਕਿ ਸਾਡਾ ਦਿਮਾਗ਼ ਆਵਾਜ਼ਾਂ ਬਹੁਤ ਘੱਟ ਸੰਗ੍ਰਹਿ ਕਰਦਾ ਹੈ। ਆਵਾਜ਼ਾਂ ਦੇ ਕੁੱਝ ਕੁ ਨਮੂਨੇ ਸੰਗ੍ਰਹਿ ਹੁੰਦੇ ਹਨ ਪਰ ਉਹ ਵੀ ਉਸ ਨਮੂਨਿਆਂ ਨੂੰ ਤਸਵੀਰ ਨਾਲ ਜੋੜਦਾ ਹੈ। ਜਦੋਂ ਤੁਸੀਂ ਕਿਸੇ ਦੀ ਕਹੀ ਗੱਲ ਨੂੰ ਯਾਦ ਕਰਨ ਦੀ ਕੋਸ਼ਿਸ਼ ਕਰਦੇ ਹੋ ਤਾਂ ਉਸ ਦੀ ਤਸਵੀਰ ਉਜਾਗਰ ਕਰਕੇ ਆਪਣੀ ਆਵਾਜ਼ ਰਾਹੀਂ ਹੀ ਗਲੇ ਵਿਚ ਬੋਲ ਕੇ ਦੁਹਰਾਉਂਦੇ ਹੋ, ਕਿਉਂ? ਕਿਉਂਕਿ ਜਦੋਂ ਉਹ ਵਿਅਕਤੀ ਬੋਲ ਰਿਹਾ ਸੀ ਤਾਂ ਤੁਸੀਂ ਉਸ ਨਾਲ ਸੁਰ ਹੋਏ ਸੀ(ਚਿਮਟੀ ਵਾਂਗ)। ਤੁਹਾਡੇ ਕੰਨਾ ਰਾਹੀਂ ਆਵਾਜ਼ ਦਾਖਲ ਹੋਈ ਅਤੇ ਤੁਸੀਂ ਬਾਕੀ ਗਿਆਨ ਇੰਦਰੀਆਂ(ਸਵਾਦ, ਸਪਰਸ਼) ਆਦਿ ਵੱਲੋਂ ਧਿਆਨ ਹਟਾ ਕੇ ਸੁਣਨ ਲੱਗੇ। ਜਿਸ ਤਰਾਂ ਉਹ ਬੋਲ ਰਿਹਾ ਸੀ, ਤੁਹਾਡਾ ਕੰਠ ਉਸ ਧੁਨੀ ਨਾਲ ਸੁਰ ਹੋਇਆ ਉਸਨੂੰ ਦੁਹਰਾ ਰਿਹਾ ਸੀ। ਸੋ ਤੁਹਾਡੇ ਦਿਮਾਗ਼ ਵਿਚ ਓਨੀ ਹੀ ਗੱਲ ਦਰਜ ਹੋਈ ਜਿੰਨੀ ਤੁਹਾਡੇ ਗਲੇ ਨੇ ਸੁਰ ਹੋ ਕੇ ਦੁਹਰਾਈ(ਧਿਆਨ) ਅਤੇ ਉਹ ਵੀ ਤੁਹਾਡੀ ਆਪਣੀ ਆਵਾਜ਼ ਵਿਚ ਦਰਜ ਹੋਈ। ਜਦੋਂ-ਜਦੋਂ ਧਿਆਨ ਹਟਿਆ, ਤੁਹਾਡੇ ਗਲੇ ਦੀ ਦੁਹਰਾਉਣ ਦੀ ਕਿਰਿਆ ਮਨਫ਼ੀ ਹੋ ਗਈ ਅਤੇ ਹੁਣ ਤੁਹਾਨੂੰ ਉਹ ਗੱਲ ਯਾਦ ਨਹੀਂ। ਸਿੱਟਾ ਇਹ ਨਿਕਲਦਾ ਹੈ ਕਿ ਜੋ ਤੁਸੀਂ ਬੋਲਦੇ ਹੋ ਉਹੀ ਦਰਜ ਹੁੰਦਾ ਹੈ ਬਾਕੀ ਨਹੀਂ। ਇਹ ਇੱਛਾ ਸ਼ਕਤੀ ਜਾਂ ਪਰਦਾ ਕਰਤੇ ਨੇ ਦਿੱਤਾ ਹੈ ਨਹੀਂ ਤਾਂ ਸੈਂਕੜੇ ਆਵਾਜ਼ਾਂ ਚਲ ਰਹੀਆਂ ਹੁੰਦੀਆਂ ਹਨ ਆਸ-ਪਾਸ ਇਹਨਾਂ ਨੂੰ ਦਰਜ ਕਰ-ਕਰਕੇ ਪਾਗਲਪਣ ਅਤੇ ਪ੍ਰਦੂਸ਼ਣ ਦੇ ਹਾਲਾਤ ਬਣ ਜਾਣੇ ਸਨ।
ਜਦੋਂ ਸੇਵਕ ਦੇ ਅੰਦਰ ਉਹ ਊਰਜਾ ਕੰਨਾ ਰਾਹੀਂ ਪ੍ਰਵੇਸ਼ ਕਰਦੀ ਹੈ ਤਾਂ ਉਸ ਦਾ ਕੰਠ ਸੁਰ ਹੋ ਜਾਂਦਾ ਹੈ, ਸਰੀਰ ਅਤੇ ਮਨ ਵਿਚ ਉਹ ਹੀ ਹਾਲਾਤ ਪੈਦਾ ਹੋ ਜਾਂਦੇ ਹਨ ਜੋ ਗੁਰੂ ਸਾਹਿਬ ਕਰਵਾਉਣਾ ਚਾਹੁੰਦੇ ਹਨ। ਸਰੀਰ ਦੇ ਸਾਰੇ ਅੰਗ ਨਿਰਧਾਰਿਤ ਕੰਪਣ ਵਿਚ ਆ ਜਾਂਦੇ ਹਨ। ਇਹ ਅਨੁਭਵ ਯਾਦਦਾਸ਼ਤ ਵਿਚ ਦਰਜ ਹੋਣ ਲਗਦਾ ਹੈ ਅਤੇ ਦੁਬਾਰਾ ਫਿਰ ਉਸਨੂੰ ਅਭਿਆਸ ਕਰਕੇ ਉਤਪੰਨ ਕਰ ਸਕੇ। ਘਰ ਜਾ ਕੇ ਇਸੇ ਹੀ ਯਾਦਦਾਸ਼ਤ ਨੂੰ ਕੰਠ ਨਾਲ ਦੁਬਾਰਾ ਉਤਪੰਨ ਕਰਕੇ ਮਨ ਨੂੰ ਫਿਰ ਉਸੇ ਹੀ ਅਵਸਥਾ ਵਿਚ ਲਿਆਇਆ ਜਾ ਸਕਦਾ ਹੈ।
ਇਸ ਨੂੰ ਅੰਗਰੇਜ਼ੀ ਵਿਚ ਬਰਾਡਕਾਸਟ(Broadcast/Multicast) ਵੀ ਕਹਿੰਦੇ ਹਨ।